ਪ੍ਰੋਗਰੈਸਿਵ ਕੰਜ਼ਰਵੇਟਿਵ ਤੇ ਵਾਈਲਡ ਰੋਜ਼ ਪਾਰਟੀਆਂ ਦੇ ਰਲੇਵੇਂ ਲਈ ਸਰਗਰਮੀਆਂ ਨੇ ਜ਼ੋਰ ਫ਼ੜਿ੍ਆ
ਕੈਲਗਰੀ, 22 ਜੂਨ (ਰੇਡੀਓ ਐਫ ਐਮ ਬਿਊਰੋ)-ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਤੇ ਵਾਈਲਡ ਰੋਜ਼ ਪਾਰਟੀ ਦੇ ਪ੍ਰਸਤਾਵਿਤ ਰਲੇਵੇਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਪ੍ਰਸਤਾਵਿਤ ਰਲੇਵੇਂ ਦੀ ਪੁਸ਼ਟੀ ਲਈ ਦੋਵਾਂ ਪਾਰਟੀਆਂ ਦੇ ਮੈਂਬਰ 22 ਜੁਲਾਈ ਨੂੰ ਆਪਣੀ ਵੋਟ ਪਾਉਣਗੇ | ਜੇਕਰ ਦੋਵਾਂ ਪਾਰਟੀਆਂ ਦੇ ਮੈਂਬਰ ਰਲੇਵੇਂ ਦੀ ਪੁਸ਼ਟੀ ਕਰ ਦਿੰਦੇ ਹਨ ਤਾਂ ਨਵੀਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਗਠਨ ਲਈ ਰਾਹ ਪੱਧਰਾ ਹੋ ਜਾਵੇਗਾ | ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਰਲੇਵੇਂ ਦੀ ਪੁਸ਼ਟੀ ਲਈ ਸਾਧਾਰਨ ਬਹੁਮਤ ਦੀ ਲੋੜ ਹੈ, ਜਦਕਿ ਵਾਈਲਡ ਰੋਜ਼ ਪਾਰਟੀ ਦੇ 75 ਫੀਸਦੀ ਤੋਂ ਵੱਧ ਮੈਂਬਰਾਂ ਦਾ ਸਹਿਮਤ ਹੋਣਾ ਜ਼ਰੂਰੀ ਹੈ | ਦੋਵਾਂ ਪਾਰਟੀਆਂ ਦੇ ਮੈਂਬਰਾਂ ਦੀ ਸਹਿਮਤੀ ਉਪਰੰਤ ਇਕ ਸਾਂਝੀ ਕਮੇਟੀ ਬਣਾਈ ਜਾਵੇਗੀ ਜੋ ਹੋਰ ਗੱਲਾਂ ਤੋਂ ਇਲਾਵਾ ਨੀਤੀ ਤਿਆਰ ਕਰੇਗੀ ਤੇ ਅਕਤੂਬਰ ‘ਚ ਨਵੀਂ ਪਾਰਟੀ ਦੇ ਆਗੂ ਦੀ ਹੋਣ ਵਾਲੀ ਚੋਣ ਲਈ ਨਿਯਮ ਤੇ ਸ਼ਰਤਾਂ ਤੈਅ ਕਰੇਗੀ | ਇਸੇ ਦੌਰਾਨ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੈਸਨ ਕੈਨੀ ਨੇ ਕਿਹਾ ਹੈ ਕਿ ਨਵੀਂ ਪਾਰਟੀ ਦੇ ਆਗੂ ਦੀ ਚੋਣ ਲਈ ਸੰਭਾਵੀ ਉਮੀਦਵਾਰਾਂ ਦੀ ਬਹੁਤ ਹੀ ਸਖਤਾਈ ਨਾਲ ਛਾਣਬੀਣ ਕਰਨ ਦੀ ਲੋੜ ਹੈ | ਕਿਸੇ ਵੀ ਰਾਜਸੀ ਪਾਰਟੀ ਦੀ ਅਗਵਾਈ ਲਈ ਉਮੀਦਵਾਰ ‘ਚ ਜ਼ਾਬਤਾ ਹੋਣਾ ਬਹੁਤ ਜ਼ਰੂਰੀ ਹੈ | ਕੈਨੀ ਤੇ ਵਾਈਲ਼ਡ ਰੋਜ਼ ਆਗੂ ਬਰਾਇਨ ਜੀਨ ਇਸ ਸਮੇਂ ਦੋਨਾਂ ਪਾਰਟੀਆਂ ਦੇ ਪ੍ਰਸਤਾਵਿਤ ਰਲੇਵੇਂ ਲਈ ਹਮਾਇਤ ਜੁਟਾਉਣ ਵਾਸਤੇ ਰਾਜ ਦਾ ਦੌਰਾ ਕਰ ਰਹੇ ਹਨ | ਇਨ੍ਹਾਂ ਦੋਵਾਂ ਆਗੂਆਂ ਦਾ ਮੰਨਣਾ ਹੈ ਕਿ 2019 ਦੀਆਂ ਚੋਣਾਂ ‘ਚ ਵੋਟਾਂ ਦੀ ਵੰਡ ਰੋਕਣ ਲਈ ਦੋਵਾਂ ਪਾਰਟੀਆਂ ਦਾ ਰਲੇਵਾਂ ਜ਼ਰੂਰੀ ਹੈ | ਵੋਟਾਂ ਦੀ ਵੰਡ ਨਾ ਰੋਕੀ ਗਈ ਤਾਂ ਐਨ.ਡੀ.ਪੀ. ਦੀ ਇਕ ਹੋਰ ਜਿੱਤ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ | ਇਥੇ ਵਰਣਨਯੋਗ ਹੈ ਕਿ ਕੈਨੀ ਤੇ ਜੀਨ ਪਹਿਲਾਂ ਹੀ ਨਵੀਂ ਪਾਰਟੀ ਦੇ ਆਗੂ ਦੀ ਚੋਣ ‘ਚ ਖੜੇ੍ਹ ਹੋਣ ਦਾ ਐਲਾਨ ਕਰ ਚੁੱਕੇ ਹਨ | ਇਨ੍ਹਾਂ ਤੋਂ ਇਲਾਵਾ ਕੈਲਗਰੀ ਦੇ ਵਕੀਲ ਡੌਗ ਸ਼ਵੀਟਜ਼ਰ ਵੀ ਇਸ ਦੌੜ ‘ਚ ਸ਼ਾਮਿਲ ਹਨ |